Translated from the English to the Punjabi by Raj Paul Sandhu
ਲੋਕ ਅਕਸਰ ਪੁੱਛਦੇ ਨੇ।
ਜਦੋਂ ਤੂੰ ਕਹਿੰਦੀ ਹੈ ਕਿ ਤੂੰ ਇੱਕ ‘ਕਾਲ਼ੀ ਔਰਤ’ ਹੈ, ਇਸਦਾ ਕੀ ਮਤਲਬ ਹੈ ?
ਆਦਤਨ ਇਹ ਸਵਾਲ ਵਾਈਟਫੈਲਾ ਗੋਰੇ ਹੀ ਪੱੱੁੱਛਦੇ ਨੇ।
ਅਤੇ ਫ਼ਿਰ ਉਹ ਮੇਰੇ ਮੁੰਹ ਵਲ ਵੇਖਦੇ ਨੇ ਅਤੇ ਸੋਚਦੇ ਨੇ ‘ਪਰ ਤੂੰ ਤਾਂ ਸਾਡੇ ਵਰਗੀ ਗੋਰੀ ਹੈ। ਜਰਾ ਵੇਖੋ ਤੁਸੀਂ ਇਸ ਵਲ, ਇਸਦਾ ਰੰਗ ਗੋਰਾ ਹੈ, ਅਤੇ ਮੁੰਹ ਤੇ ਝਾਈਆਂ ਨੇ’।
‘ਅਤੇ ਇੱਕ ਹੋਰ ਗਲ ਵੀ ਸ਼ਰਤੀਆ ਹੈ ਕਿ ਉਹ ਉੱਤਰੀ ਇਲਾਕੇ ਦੀ ਕਿਸੇ ਦੂਰ ਦਰਾਜ਼ੀ ਨਦੀ ਕੰਢੇ, ਅੰਬ ਦੇ ਰੁੱਖ ਹੇਠ ਪੈਦਾ ਨਹੀਂ ਹੋਈ ਲਗਦੀ’।
ਉਹ ਇਹ ਵੀ ਸੋਚ ਰਹਿ ਹੋਣਗੇ, ਕਿ ਇਹ ਸਿਡਨੀ ਜਾਂ ਮੈਲਬੋਰਨ ਦੇ ਕਿਸੇ ਤੱਪੜ ਇਲਾਕੇ ਵਿੱਚ ਜਨਮੀ ਨਹੀਂ ਲਗਦੀ।
‘ਤੇ ਇਸ ਕੋਲ ‘ਨਸਲ ਚੋਰੀ’ ਦੀ ਕੋਈ ਕਹਾਣੀ ਨਹੀਂ ਹੋਵੇਗੀ ।
ਐਪਰ ਬੁਝ ਕੀ ਗੋਰੇ। ਅੱਵਲ ਤਾਂ ਮੈਂ ਤੇਰੀ ਰਿਣੀ ਹਾਂ ਕਿ ਤੂੰ ਮੇਰਾ “ਰੰਗ” ਵੇਖ ਲਿਆ ਹੈ। ‘ਤੇ ਤੂੰ ਸ਼ਾਇਦ ਸਹੀ ਹੋਵੇਂ ਮੇਰੇ ਜੰਮਣ ਭੂਮੀ ਬਾਰੇ। ਹਾਲਾਂਕਿ ਮੈਨੂੰ ਵੀ ਨਹੀਂ ਪਤਾ ਕਿ ਮੈਂ ਕਿੱਥੇ ਜੰਮੀ ਸਾਂ।
ਸ਼ਾਇਦ ਮੈਂ ਕਿਸੇ ਪੁਰਾਤਨ ਅੰਬ ਹੇਠ ਪੈਦਾ ਹੋਣ ਦੀ ਕਹਾਣੀ ਘੜ ਲਵਾਂ ਯਾ ਫ਼ਿਰ ਗੁੰਦ ਲਵਾਂ ਕੋਈ ਗਾਥਾ, ਕਿਸੇ ਦੱਖਨੀ ਮਹਾਨਗਰ ਦੇ ਤੱਪੜ ਇਲਾਕੇ ਦੀ ਕਿਸੇ ਗੰਧੀਲੀ, ਭੀੜੀ ਗਲੀ ਵਿੱਚ ਪੈਦਾ ਹੋਣ ਬਾਰੇ।
ਨਹੀਂ ਤਾਂ ਫ਼ਿਰ ਸ਼ਾਇਦ ‘ਨਸਲ ਚੋਰੀ’ ਬਾਰੇ ਕੋਈ ਕਹਾਣੀ, ਜੋ ਕਿਸੇ ਮੌਕੇ ਤੇ ਸੂਤ ਬਹਿ ਸਕੇ।
ਐਪਰ ਸੱਚ ਤਾਂ ਇਹ ਹੈ ਕਿ ਮੈਂ ਕਾਲ਼ੀ ਨਸਲ ਦੀ ਇਕ ਕਾਲ਼ੀ ਔਰਤ ਹਾਂ।
ਮੇਰੀ ਕਾਲ਼ੀ ਬੰਸਾਵਲੀ ਵਿੱਚ ਮੇਰੀ ਪਹਿਲੀ ਮਾਂ ਮਿਮਬਿਂਗਲ, ਛੇ “ਦੂਜੀਆਂ” ਮਾਵਾਂ, ਦੋ ਨਾਨੀਆਂ, ਦੋ ਪੜਨਾਨੀਆਂ, ਦੋ ਲੱਕੜਨਾਨੀਆਂ, ਦੋ… ਕੀ ਮੈਂ ਹੋਰ ਗਿਣਦੀ ਜਾਵਾਂ?
ਮੈਂ ਮਿਮਬਿਂਗਲ ਦੀ ਕੁੱਖ ਵਿੱਚੋਂ ਜੰਮੀ ਹਾਂ, ਜਿਸਨੇ ਮੇਰੇ ਕੰਨ ਵਿਚ ਕੂਵਾਰੱਕ (ਗੁੜ੍ਹਤੀ) ਫ਼ੂਂਕੀ ਸੀ।
“ਤਜਾਲਿੰਗਮਾਰਾ, ਲੁਕੜੀਕਾਨ ਪੋਂਗਾ ਤਜੁਦਾ ਲੋਕ ਕੁਰੀਂਦਜੂ”।
“ਤਜਾਲਿੰਗਮਾਰਾ, ਪੋਂਗਾ (ਸ਼ੀਤਾਂਸੂ) ਰੁੱਖਾਂ ਨਾਲ ਘਿਰੇ ਕੁਰਿਂਦਜੂ ਲੋਕ ਦੀ ਕੁੜੀ”।
ਮੇਰਾ ਕਾਲੇ ਬੰਸ ਦਾ ਆਦਰ ਅਤੇ ਐਲਾਨ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਹ ਸਿਰਫ਼ ਮੇਰੀ ਨਸਲ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਮੇਰਾ ਰੁਤਬਾ, ਮੇਰੀ ਸਾਖ ਅਤੇ ਸਭ ਤੋਂ ਵੱਧ ਇਹ ਮੈਨੂੰ ਆਪਣੀ ਭੋਏਂ ਨਾਲ ਜੋੜਦਾ ਹੈ। ਜਿਸ ਵਿਚੋਂ ਸਭ ਤੋਂ ਪਹਿਲੇ ਗਰਭ ਨੇ ਜਨਮ ਲਿਆ ਸੀ।
ਮੈਨੂੰ ਇੱਕ ਕੁਂਗਾਰਕਨ ਲੜਕੀ ਰਾਹੀਂ ਇਸ ਦੁਨੀਆਂ ਨੂੰ ਹਾਸਲ ਹੋਣ ਦਾ ਸਬੱਬ ਮਿਲਿਆ ਹੈ।ਉਹ ਕੁਂਗਾਰਕਨ ਲੜਕੀ, ਜਿਸ ਲਈ ਗੁਰਿਂਜੀ ਔਰਤਾਂ ਸਦੀਆਂ ਤੋਂ ਪਵਿੱਤਰ ਇਸ ਰਸਤੇ ਤੇ ਮਾਰਗ-ਦਰਸ਼ਕ ਬਣੀਆਂ ਨੇ ।
ਮੈਂ ਮੰਨਦੀ ਹਾਂ ਕਿ ਕਾਲ਼ੀ ਔਰਤ ਰਾਹੀਂ ਇਸ ਦੁਨੀਆਂ ਵਿੱਚ ਆਉਣ ਨਾਲ ਮੈਂ ਇੱਕ ਖ਼ਾਸ ਸ਼ਕਤੀ ਅਤੇ ਗਿਆਨ ਨਾਲ ਭਰ ਗਈ ਹਾਂ।ਕੁਝ ਖ਼ਾਸ ਲੋਕ ਹੀ ਇਸ ਪੈਂਡੇ ਲਈ ਚੁਣੇ ਜਾਂਦੇ ਨੇ।
ਇਹ ਜਨਮ, ਇਹ ਕਾਲ਼ਾਪਨ, ਮੈਨੂੰ ਉਸ ਗਿਆਨ ਨਾਲ ਸਰੋਬਾਰ ਕਰਦਾ ਹੈ, ਜੋ ਸਿਰਫ਼ ‘ਕਾਲ਼ੀਆਂ ਰੂਹਾਂ’ ਦੇ ਅਮ੍ਰਿਤ ਕੁੰਡ ‘ਚੋਂ ਨਿਸਾਰ ਹੁੰਦਾ ਹੈ।ਅਤੇ ਇਹ ਸੁਗਾਤ ਉਨ੍ਹਾਂ ਨਾਲ ਹੀ ਵੰਡੀ ਜਾ ਸਕਦੀ ਹੈ, ਜਿਹੜੀਆਂ ਰੂਹਾਂ ਇਸ ਸਫ਼ਰ ਤੇ ਤੁਰੀਆਂ ਹੋਣ।
ਕਾਲ਼ੀਆਂ ਔਰਤਾਂ ਵੱਲੋਂ ਮੇਰਾ ਪਾਲਣ ਪੋਸ਼ਣ ਹੀ ਮੇਰੀ ਜ਼ਿੰਦਗੀ ਦਾ ਬਿਹਤਰੀਨ ਤਜ਼ਰਬਾ ਹੈ। ਭੰਗੂੜੇ ਤੋਂ ਪੱਕੀ ਉਮਰ ਤੱਕ ਦੀ ਸਿੱਖਿਆ, ਜਿਸਨੇ ਮੈਨੂੰ ਬਲ ਦਿੱਤਾ, ਤਾਂ ਜੋ ਮੈਂ ਉਸ ਵਾਈਟਫੈਲਾ ਗੋਰੇ ਨਾਲ ਗੱਲ ਕਰ ਸਕਾਂ, ਜੋ ਮੇਰੇ ਰੰਗ ਬਾਰੇ ਸਵਾਲ ਕਰੇਗਾ।
ਮੇਰਾ ਸੱਚ ਕਾਲ਼ੀ ਔਰਤ ਹੈ। ਮੈਂ ਗਰਵ ਨਾਲ ਖੜ੍ਹਦੀ ਹਾਂ ਕਿਉਂਕਿ ਮੈਂ ਕਾਲ਼ੀ ਔਰਤ ਹਾਂ।ਮੈਨੂੰ ਮੇਰਾ ਪਹਿਲਾ ਸਾਹ ਇਕ ਕਾਲ਼ੀ ਔਰਤ ਕੋਲੋਂ ਮਿਲਿਆ ਸੀ। ਮੈਂ ਕਾਲ਼ੀ ਔਰਤ ਵਾਂਗ ਸਾਹ ਲੈਂਦੀ ਹਾਂ, ਅਤੇ ਮੇਰਾ ਅਖ਼ਿਰੀ ਸਾਹ ਇੱਕ ਕਾਲ਼ੀ ਔਰਤ ਵਾਂਗ ਹੀ ਹੋਵੇਗਾ।